ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਸਮੇਂ ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁਲਤਾ ਲਈ ਵਿਸ਼ੇਸ਼ ਕਾਰਜ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਪ੍ਰਮੁਖ ਕਾਰਜ ‘ਪੰਜਾਬੀਪੀਡੀਆ’ ਰਾਹੀਂ ਪੰਜਾਬੀ ਭਾਸ਼ਾ ਦੀ ਸਮੱਗਰੀ ਨੂੰ ਇਟਰਨੈੱਟ ‘ਤੇ ਮੁਹੱਈਆ ਕਰਵਾਉਣਾ ਹੈ। ਦੇਸਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਜੋ ਜਾਣਕਾਰੀ ਹਾਸਲ ਕਰਨ ਲਈ ਅੰਗਰੇਜ਼ੀ ਭਾਸ਼ਾ ‘ਤੇ ਹੀ ਨਿਰਭਰ ਕਰਦੇ ਸਨ। ਉਨ੍ਹਾਂ ਲਈ ਇਹ ਖੁਸ਼ਖਬਰੀ ਹੈ ਕਿ ਹੁਣ ਕਿਸੇ ਵੀ ਤਰ੍ਹਾਂ ਦਾ ਗਿਆਨ ਜਾਂ ਜਾਣਕਾਰੀ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚ ਮਿਲੇਗੀ। ਪੰਜਾਬੀ ਭਾਸ਼ਾ ਨੂੰ ਅੱਜ ਦੇ ਸਮੇਂ ਦੇ ਹਾਣ ਦੀ ਭਾਸ਼ਾ ਬਣਾਉਣ ਲਈ ਅਤੇ ਸਮੂਹ ਪੰਜਾਬੀਆਂ ਨੂੰ ਆਪਣੀ ਭਾਸ਼ਾ, ਸਭਿਆਚਾਰ ਨਾਲ ਜੋੜਨ ਦੇ ਮਕਸਦ ਅਧੀਨ ਪੰਜਾਬੀਪੀਡੀਆ ਸੈਂਟਰ ਦੀ ਸਥਾਪਨਾ 26 ਫ਼ਰਵਰੀ 2014 ਨੂੰ ਕੀਤੀ ਗਈ ਹੈ। ਪੰਜਾਬੀਪੀਡੀਆ ਦੇ ਅੰਤਰਗਤ ਪੰਜਾਬੀ ਭਾਸ਼ਾ ਦੇ ਹਰ ਖੇਤਰ ਨਾਲ ਸਬੰਧਿਤ ਸਮੱਗਰੀ ਇੰਟਰਨੈੱਟ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਇਸਦੇ ਅੰਤਰਗਤ ਸਿੱਖਿਆ, ਵਿਗਿਆਨ, ਕਲਾ, ਧਰਮ, ਸਮਾਜ, ਨਾਵਾਂ ਅਤੇ ਥਾਵਾਂ ਨਾਲ ਸਬੰਧਿਤ ਸਮੱਗਰੀ ਨੂੰ ਆਨਲਾਈਨ ਕਰਨ ਦੇ ਨਾਲ-ਨਾਲ ਪੰਜਾਬੀਪੀਡੀਆ ਪੰਜਾਬੀ ਭਾਸ਼ਾ ਦੇ ਆਨਲਾਈਨ ਤਕਨੀਕੀ ਵਿਕਾਸ ਪ੍ਰਤੀ ਨਿਰੰਤਰ ਕਾਰਜਸ਼ੀਲ ਹੈ ਜਿਵੇ;
1. ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਤੋਂ ਇਲਾਵਾ ਹੋਰ ਗਿਆਨ ਵਿਗਿਆਨ ਨਾਲ ਸੰਬੰਧਤ ਸਮੱਗਰੀ ਦਾ ਵਿਸ਼ਵ-ਪੱਧਰੀ ਫੈਲਾਅ ਕਰਨਾ।
2. ਅਜੋਕੇ ਯੁੱਗ ਵਿੱਚ ਪਾਠਕ ਹਰ ਤਰ੍ਹਾਂ ਦੀ ਜਾਣਕਾਰੀ ਲਈ ਇੰਟਰਨੈੱਟ ਦੇ ਨਿਰਭਰ ਹਨ ਇਸ ਲਈ ਪੰਜਾਬੀਪੀਡੀਆ ਸਮੇਂ-ਸਮੇਂ ਪੰਜਾਬੀ ਪਾਠਕਾਂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਤੋਂ ਇਲਾਵਾ ਹੋਰ ਵਿਗਿਆਨਾਂ ਦਾ ਗਿਆਨ ਵੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਵਿੱਚ ਦੇਣ ਲਈ ਵਚਨਬੱਧ ਹੈ।
3. ਇੰਟਰਨੈੱਟ ਤੇ ਮਿਲ ਰਹੀ ਪੰਜਾਬੀ ਭਾਸ਼ਾ ਵਿੱਚ ਸਮੱਗਰੀ ਸੰਬੰਧੀ ਭਰੋਸੇਯੋਗਤਾ ਦੀ ਘਾਟ ਹੋਣ ਕਰਕੇ ਪੰਜਾਬੀਪੀਡੀਆ ਵੱਲੋਂ ਭਰੋਸੇਯੋਗ ਸਰੋਤਾਂ ਤੋਂ ਸਮੱਗਰੀ ਸੰਕਲਨ ਅਤੇ ਸੰਪਾਦਨ, ਵੱਖੋ-ਵੱਖ ਖੇਤਰਾਂ ਵਿੱਚ ਖੋਜ ਕਰ ਰਹੇ ਵਿਸ਼ਾ ਮਾਹਿਰ ਵਿਦਵਾਨਾਂ/ਖੋਜਾਰਥੀਆਂ ਤੋਂ ਸਮੱਗਰੀ ਤਿਆਰ ਕਰਵਾਕੇ ਪੰਜਾਬੀਪੀਡੀਆ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
4. ਪੰਜਾਬੀਪੀਡੀਆ ਤੇ ਪਾਈ ਜਾਣ ਵਾਲੀ ਸਮੱਗਰੀ ਗੂਗਲ ਵਿੱਚ ਖੋਜ ਅਨੁਕੂਲ ਹੈ, ਜਿਸ ਲਈ ਪੰਜਾਬੀਪੀਡੀਆ ਤੇ ਇੰਦਰਾਜ਼ ਰੂਪ ਵਿੱਚ ਪ੍ਰਕਾਸ਼ਤ ਕੀਤੀ ਜਾਣ ਵਾਲੀ ਸਮੱਗਰੀ ਯੂਨੀਕੋਡ ਵਿੱਚ ਤਿਆਰ ਕੀਤੀ ਜਾਂਦੀ ਹੈ।
5. ਪੰਜਾਬੀ ਭਾਸ਼ਾ ਲਈ ਤਕਨਾਲੋਜੀ ਦੀ ਢੁੱਕਵੀਂ ਵਰਤੋਂ ਸੰਬੰਧੀ ਸਮੇਂ-ਸਮੇਂ ਪੰਜਾਬੀ ਵਰਤੋਂਕਾਰਾਂ ਲਈ ਜਾਗੁਰਕਤਾ ਮੁਹਿੰਮ ਚਲਾਉਂਦੇ ਹੋਏ ਵਰਕਸ਼ਾਪਾਂ/ਕਾਨਫ਼ਰੰਸਾਂ/ਸੈਮੀਨਾਰ ਅਤੇ ਥੋੜ੍ਹ ਚਿਰੇ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ।
6. ਪੰਜਾਬੀਪੀਡੀਆ ਤੇ ਪਾਈ ਜਾਣ ਵਾਲੀ ਸਮੱਗਰੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਵਿੱਚ ਹੈ। ਇਸ ਲਈ ਭਵਿੱਖ ਵਿੱਚ ਪੰਜਾਬੀਪੀਡੀਆ ਵੱਲੋਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਸਿੱਖਣ/ਸਿਖਾਉਣ ਲਈ ਪੰਜਾਬੀ ਭਾਸ਼ਾ ਦੇ ਆਨਲਾਈਨ ਅਧਿਆਪਨ ਸੰਬੰਧੀ ਸਵੈਚਾਲਕ ਅਭਿਆਸ ਪ੍ਰੋਗਰਾਮ (ਪੰਜਾਬੀ ਗਿਆਨ) ਸ਼ੁਰੂ ਵੀ ਸ਼ੁਰੂ ਕੀਤਾ ਜਾਵੇਗਾ।
7. ਭਵਿੱਖ ਵਿੱਚ ਪੰਜਾਬੀ ਭਾਸ਼ਾ ਨਾਲ ਸੰਬੰਧਤ ਪੁਰਾਤਨ ਕਿਤਾਬਾਂ/ਖਰੜਿਆਂ ਅਤੇ ਹੋਰ ਅਲੋਪ ਹੋਣ ਵਾਲੀ ਸਮੱਗਰੀ ਦਾ ਸੰਕਲਨ ਕਰਕੇ ਵੀ ਉਸਨੂੰ ਪੰਜਾਬੀਪੀਡੀਆ ਦਾ ਹਿੱਸਾ ਬਣਾਇਆ ਜਾਵੇਗਾ ਤਾਂ ਜੋ ਅਲੋਪ ਹੋ ਰਹੀ ਪੰਜਾਬੀ ਭਾਸ਼ਾ ਦੀ ਸਮੱਗਰੀ ਆਨਲਾਈਨ ਨੂੰ ਸੰਭਾਲਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸ ਤੋਂ ਜਾਣੂ ਕਰਵਾਇਆ ਜਾ ਸਕੇ।
8. ਭਵਿੱਖ ਵਿੱਚ ਬਦਲਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਨਲਾਈਨ ਪੰਜਾਬੀਪੀਡੀਆ ਐਪ ਅਤੇ ਬਹੁਭਾਸ਼ਾਈ ਐਪ ਦਾ ਵਿਕਾਸ ਵੀ ਕੀਤਾ ਜਾਵੇਗਾ।
ਪੰਜਾਬੀਪੀਡੀਆ’ ਰਾਹੀਂ ਇਟਰਨੈੱਟ ‘ਤੇ ਸਮੱਗਰੀ ਪੜਾਅਵਾਰ ਪਾਈ ਜਾ ਰਹੀ ਹੈ। ਵਰਤੋਂਕਾਰ ਇਸ ਸਮੱਗਰੀ ਵਿਚੋਂ ਪੰਜਾਬੀ ਸਾਹਿਤ, ਸਿੱਖ ਧਰਮ, ਪੰਜਾਬੀ ਸਭਿਆਚਾਰ, ਮਨੁੱਖੀ ਸਿਹਤ, ਵਾਤਾਵਰਨ ਆਦਿ ਵਿਸ਼ਿਆਂ ਨਾਲ ਸਬੰਧਿਤ ਕਿਸੇ ਵੀ ਸ਼ਬਦ ਦਾ ਇੰਦਰਾਜ ਪਾ ਕੇ ਉਸ ਨੂੰ ਆਸਾਨੀ ਨਾਲ ਲੱਭ ਸਕਣਗੇ। ਸ਼ਬਦ ਨੂੰ ਲੱਭਣ ਦੌਰਾਨ ਇਹ ਸਰਚ ਇੰਜਣ ਉਸ ਨਾਲ ਜੁੜਦੇ ਹੋਰਨਾਂ ਸ਼ਬਦਾਂ ਨੂੰ ਵੀ ਵਰਤੋਂਕਾਰ ਨੂੰ ਦਿਖਾ ਦੇਵੇਗਾ ਭਾਵ ਅੱਗੋਂ ਵਰਤੋਂਕਾਰ ਹੋਰ ਜਾਣਕਾਰੀ ਵੀ ਹਾਸਲ ਕਰ ਸਕਦਾ ਹੈ। ਵਰਤੋਂਕਾਰ ਇਸ ਜਾਣਕਾਰੀ ਨੂੰ ਆਪਣੇ ਖਾਤੇ ਵਿਚ ਸਾਂਭ ਕੇ ਭਵਿੱਖ ਵਿਚ ਵੀ ਇਸ ਦੀ ਵਰਤੋਂ ਕਰ ਸਕਦਾ ਹੈ।
ਵਰਤੋਂਕਾਰ ਲਈ ਆਨ ਸਕਰੀਨ, ਫੋਨੈਟਿਕ, ਰਮਿੰਗਟਨ ਜਾਂ ਇਨਸਕਰਿਪਟ ਕੀ-ਬੋਰਡ ਦੀ ਸਹੂਲਤ ਮੁੱਹਈਆ ਕਰਵਾਈ ਗਈ ਹੈ। ਇਸਦੇ ਨਾਲ ਇਸ ਸਰਚ ਇੰਜਣ ਵਿਚ ਸ਼ਬਦਾਂ ਨੂੰ ਲੱਭਣ ਦਾ ਤਰੀਕਾ ਵੀ ਆਸਾਨ ਰੱਖਿਆ ਗਿਆ ਹੈ। ਪੰਜਾਬੀਪੀਡੀਆ’ ਸਮੂਹ ਪੰਜਾਬੀਆਂ ਲਈ ਜਿਥੇ ਸਰਚ ਇੰਜਣ ਦਾ ਕਾਰਜ ਕਰੇਗਾ ਉਥੇ ਇਸ ਦੇ ਅੰਤਰਗਤ ਮੌਜੂਦ ਸਮੱਗਰੀ ਹੋਰਨਾਂ ਸਰਚ ਇੰਜਣਾਂ ਦੇ ਮੁਕਾਬਲਤ ਜ਼ਿਆਦਾ ਭਰੋਸੇਯੋਗ ਹੋਵੇਗੀ। ਇਸ ਕਾਰਜ ਨਾਲ ਸਮੂਹ ਪੰਜਾਬੀ ਜਗਤ ਨੂੰ ਗਿਆਨ ਹਾਸਲ ਕਰਨਾ ਜਿਥੇ ਸੌਖਾ ਹੋਵੇਗਾ ਉਥੇ ਗਿਆਨ ਨੂੰ ਸੰਭਾਲਣ ਤੇ ਆਉਣ ਵਾਲੇ ਸਮੇਂ ਵਿਚ ਵਰਤਣ ਕਾਰਨ ਇਹ ਪੰਜਾਬੀਆਂ ਲਈ ਨਵੇਂ ਦਿਸਹੱਦੇ ਸਿਰਜੇਗਾ।